ਮਾਤਸੂਓ ਬਾਸ਼ੋ
ਮਾਤਸੂਓ ਬਾਸ਼ੋ |
---|
ਮਾਤਸੂਓ ਬਾਸ਼ੋ (1644 - 28 ਨਵੰਬਰ 1694), ਜਨਮ ਸਮੇਂ ਮਾਤਸੂਓ ਕਿਨਸਾਕੂ (松尾 金作?), ਫਿਰ ਮਾਤਸੂਓ ਚਿਊਮੋਨ ਮੁਨਫੋਸਾ (松尾 忠右衛門 宗房?)[1][2] ਐਡੋ ਕਾਲ (1603 ਤੋਂ 1868) ਦਾ ਸਭ ਤੋਂ ਮਸ਼ਹੂਰ ਜਪਾਨੀ ਕਵੀ ਸੀ। ਆਪਣੇ ਜੀਵਨ ਕਾਲ ਦੇ ਦੌਰਾਨ ਬਾਸ਼ੋ ਮਿਲ ਕੇ ਜੋੜੇ ਜਾਂਦੇ ਰੇਂਕੂ (ਉਸ ਸਮੇਂ ਹੈਕਾਈ ਨੋ ਰੇਂਗਾ ਕਹਿੰਦੇ ਸਨ) ਕਾਵਿ ਰੂਪ ਵਿੱਚ ਆਪਣੇ ਕੰਮ ਲਈ ਮੰਨਿਆ ਗਿਆ ਸੀ। ਅੱਜ ਸਦੀਆਂ ਤੋਂ ਚੱਲਦੀ ਚਰਚਾ ਦੇ ਬਾਅਦ ਉਹ ਹਾਇਕੂ ਦਾ ਸਭ ਤੋਂ ਵੱਡਾ ਮਾਸਟਰ (ਉਸ ਸਮੇਂ ਹੋਕੂ ਕਿਹਾ ਜਾਂਦਾ ਸੀ) ਮੰਨਿਆ ਜਾ ਰਿਹਾ ਹੈ। ਉਸ ਦੀ ਕਵਿਤਾ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧ ਹੈ। ਜਾਪਾਨ ਵਿੱਚ ਉਹਦੀਆਂ ਕਵਿਤਾਵਾਂ ਕਈ ਸਮਾਰਕਾਂ ਅਤੇ ਪਰੰਪਰਾਗਤ ਸਥਾਨਾਂ ਉੱਤੇ ਉਕਰੀਆਂ ਹੋਈਆਂ ਹਨ। ਬਾਸ਼ੋ ਛੋਟੀ ਉਮਰ ਵਿੱਚ ਕਵਿਤਾ ਨਾਲ ਜੁੜ ਗਿਆ ਸੀ ਅਤੇ ਈਦੋ (ਆਧੁਨਿਕ ਟੋਕੀਓ) ਦੇ ਬੌਧਿਕ ਦ੍ਰਿਸ਼ ਵਿੱਚ ਘੁਲ ਮਿਲ ਜਾਣ ਦੇ ਬਾਅਦ ਉਹ ਜਲਦੀ ਹੀ ਜਾਪਾਨ ਭਰ ਵਿੱਚ ਪ੍ਰਸਿੱਧ ਹੋ ਗਿਆ ਸੀ। ਉਹ ਇੱਕ ਅਧਿਆਪਕ ਵਜੋਂ ਆਪਣੀ ਰੋਜੀ ਕਮਾਉਂਦਾ ਸੀ ਲੇਕਿਨ ਜਲਦੀ ਹੀ ਉਸ ਨੇ ਸਾਹਿਤਕ ਹਲਕਿਆਂ ਦੇ ਸਮਾਜਕ, ਸ਼ਹਿਰੀ ਜੀਵਨ ਨੂੰ ਤਿਆਗ ਦਿੱਤਾ ਅਤੇ ਆਪਣੀ ਲੇਖਣੀ ਲਈ ਪ੍ਰੇਰਨਾ ਹਾਸਲ ਕਰਨ ਵਾਸਤੇ ਦੇਸ਼ ਭਰ ਵਿੱਚ - ਪੱਛਮ, ਪੂਰਬ ਅਤੇ ਦੂਰ ਉੱਤਰੀ ਜੰਗਲ ਵਿੱਚ ਘੁੰਮਣ ਵਾਲਾ ਘੁਮੱਕੜ ਬਣ ਗਿਆ। ਉਸ ਦੀਆਂ ਕਵਿਤਾਵਾਂ ਕੁੱਝ ਸਰਲ ਤੱਤਾਂ ਰਾਹੀਂ ਅਕਸਰ ਆਪਣੇ ਆਸਪਾਸ ਦੀ ਦੁਨੀਆ ਦੇ ਬਾਰੇ ਵਿੱਚ ਉਸ ਦੇ ਮੌਲਿਕ ਅਨੁਭਵ ਨੂੰ ਅਤੇ ਦ੍ਰਿਸ਼ ਦੇ ਅਹਿਸਾਸ ਨੂੰ ਕਾਵਿ-ਬੰਦ ਕਰ ਲੈਂਦੀਆਂ ਸਨ।
ਮੁੱਢਲਾ ਜੀਵਨ
[ਸੋਧੋ]ਬਾਸ਼ੋ ਦਾ ਜਨਮ 1644 ਨੂੰ ਈਗਾ ਪ੍ਰਾਂਤ ਵਿੱਚ ਯੁਏਨੋ ਦੇ ਨੇੜੇ ਹੋਇਆ ਸੀ।[3] ਉਸ ਦਾ ਪਿਤਾ ਨਿਮਾਣਾ ਜਿਹਾ ਸਮੁਰਾਈ ਸੀ ਜਿਸ ਕਰ ਕੇ ਬਾਸ਼ੋ ਨੂੰ ਸੈਨਾ ਵਿੱਚ ਚਾਕਰੀ ਮਿਲ ਸਕਣ ਦੀ ਸੰਭਾਵਨਾ ਸੀ ਪਰ ਨਾਮੀ ਜੀਵਨ ਜੀ ਸਕਣ ਦੇ ਕੋਈ ਆਸਾਰ ਨਹੀਂ ਸੀ। ਜੀਵਨੀਕਾਰਾਂ ਦਾ ਮਤ ਹੈ ਕਿ ਉਹ ਰਸੋਈਏ ਦਾ ਕੰਮ ਕਰਦਾ ਹੁੰਦਾ ਸੀ।[4] ਪਰ ਬਚਪਨ ਵਿੱਚ ਹੀ, ਬਾਸ਼ੋ ਤੋਦੋ ਯੋਸ਼ੀਤਾਦਾ (藤堂 良忠 ) ਦਾ ਸੇਵਾਦਾਰ ਬਣ ਗਿਆ ਸੀ ਜਿਸ ਨਾਲ ਬਾਸ਼ੋ ਦੀ ਮਿਲ ਕੇ ਜੋੜੇ ਜਾਂਦੇ ਰੇਂਕੂ (ਜਿਸ ਨੂੰ ਉਸ ਸਮੇਂ ਹੈਕਾਈ ਨੋ ਰੇਂਗਾ ਕਹਿੰਦੇ ਹੁੰਦੇ ਸਨ) ਪ੍ਰਤੀ ਪਿਆਰ ਦੀ ਸਾਂਝ ਸੀ।[5] ਵਾਕ 5-7-5 ਮੋਰਾ ਦੇ ਫਾਰਮੈਟ ਵਿੱਚ ਸ਼ੁਰੂ ਹੁੰਦੇ ਸਨ; ਇਸ ਤਿੰਨ ਸਤਰੀ ਇਕਾਈ ਨੂੰ ਹੋਕੂ ਕਿਹਾ ਜਾਂਦਾ ਸੀ ਅਤੇ ਸਦੀਆਂ ਬਾਅਦ ਇਸੇ ਨੂੰ ਸੁਤੰਤਰ ਕਾਵਿ-ਵਿਧਾ ਬਣ ਜਾਣ ਤੇ ਹਾਇਕੂ ਸੱਦਿਆ ਜਾਣ ਲੱਗ ਪਿਆ। ਬਾਸ਼ੋ ਅਤੇ ਯੋਸ਼ੀਤਾਦਾ ਦੋਨਾਂ ਨੇ ਆਪਣੇ ਹੈਗੋ (俳号 ), ਜਾਂ ਹੈਕਾਈ ਕਲਮੀ ਨਾਂ ਰੱਖ ਲਏ; ਬਾਸ਼ੋ ਨੇ ਸੋਬੋ (宗房 ) ਜੋ ਉਸ ਦੇ ਬਾਲਗ ਨਾਂ ਮਾਤਸੂਓ ਮੁਨੇਫਿਊਸਾ (松尾 宗房 ) ਦਾ ਚੀਨੀ-ਜਾਪਾਨੀ ਉੱਚਾਰਨ ਸੀ। 1662 ਵਿੱਚ ਬਾਸ਼ੋ ਦੀ ਪਹਿਲੀ ਆਮ ਵਰਤੀ ਜਾਂਦੀ ਕਵਿਤਾ ਛਪੀ। 1664 ਵਿੱਚ ਉਸ ਦੇ ਦੋ ਹੋਕੂ ਇੱਕ ਚੋਣਵੀਂਆਂ ਕਵਿਤਾਵਾਂ ਦੇ ਕਾਵਿ-ਸੰਗ੍ਰਹਿ ਵਿੱਚ ਛਪੇ ਅਤੇ 1665 ਵਿੱਚ ਬਾਸ਼ੋ ਅਤੇ ਯੋਸ਼ੀਤਾਦਾ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਇੱਕ ਸੌ ਕਵਿਤਾਵਾਂ ਵਾਲੇ ਰੇਂਕੂ ਦੀ ਰਚਨਾ ਕੀਤੀ।
1666 ਵਿੱਚ ਯੋਸ਼ੀਤਾਦਾ ਦੀ ਅਚਾਨਕ ਮੌਤ ਨੇ ਸੇਵਾਦਾਰ ਵਜੋਂ ਬਾਸ਼ੋ ਦੇ ਪੁਰਅਮਨ ਜੀਵਨ ਦੀ ਸਮਾਪਤੀ ਕਰ ਦਿੱਤੀ। ਇਸ ਸਮੇਂ ਦੇ ਕੋਈ ਰਿਕਾਰਡ ਵੇਰਵੇ ਨਹੀਂ ਮਿਲਦੇ ਪਰ ਇਹ ਕਿਹਾ ਜਾਂਦਾ ਹੈ ਕਿ ਬਾਸ਼ੋ ਨੇ ਸਮੁਰਾਈ ਬਨਣ ਦੀ ਸੰਭਾਵਨਾ ਅਤੇ ਘਰ ਦਾ ਤਿਆਗ ਕਰ ਦਿੱਤਾ।[6] ਕਾਰਨਾਂ ਅਤੇ ਅਗਲੀਆਂ ਮੰਜਲਾਂ ਬਾਰੇ ਜੀਵਨੀਕਾਰਾਂ ਦੇ ਮੱਤ ਵੱਖ ਵੱਖ ਹਨ। ਬਾਸ਼ੋ ਦੇ ਇੱਕ ਮੀਕੋ (ਜਾਪਾਨੀ ਧਾਰਮਿਕ ਇਸਤਰੀ ਸੇਵਾਦਾਰ) ਕੁੜੀ, ਜੁਤੇਈ (寿貞 ) ਨਾਲ ਪ੍ਰੇਮ ਦੀ ਵੀ ਚਰਚਾ ਮਿਲਦੀ ਹੈ ਜਿਸਦੇ ਸੱਚਾ ਹੋਣ ਦੀ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ।[7] ਇਸ ਸਮੇਂ ਬਾਰੇ ਬਾਸ਼ੋ ਦੀਆਂ ਸਵੈ-ਟਿੱਪਣੀਆਂ ਵੀ ਬਹੁਤਾ ਚਾਨਣ ਨਹੀਂ ਪਾਉਂਦੀਆਂ। ਉਹ ਇੱਕ ਥਾਂ ਲਿਖਦਾ ਹੈ, "ਇੱਕ ਵਾਰ ਮੈਂ ਜ਼ਮੀਨ ਦੀ ਮਾਸ੍ਲਕੀ ਸਹਿਤ ਸਰਕਾਰੀ ਅਹੁਦੇ ਦੀ ਹਿਰਸ ਜਾਗੀ", ਅਤੇ, "ਇੱਕ ਸਮਾਂ ਸੀ ਜਦੋਂ ਮੈਂ ਸਮਲਿੰਗੀ ਪ੍ਰੇਮ ਵੱਲ ਉਲਾਰ ਹੋ ਗਿਆ ਸੀ।" ਪਰ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਉਹ ਅਸਲੀ ਜਨੂੰਨ ਦੀ ਗੱਲ ਕਰ ਰਿਹਾ ਜਾਂ ਮਾਤਰ ਗਲਪੀ ਗੱਲਾਂ ਦੀ।[8] ਕੁੱਲਵਕਤੀ ਕਵੀ ਬਨਣ ਬਾਰੇ ਉਹ ਡਾਵਾਂਡੋਲ ਸੀ। ਉਹਦੇ ਆਪਣੇ ਸ਼ਬਦਾਂ ਵਿੱਚ, "ਮੇਰੇ ਮਨ ਵਿੱਚ ਵਿਕਲਪਾਂ ਦੀ ਜੰਗ ਚਲਦੀ ਸੀ ਅਤੇ ਇਸਨੇ ਮੇਰਾ ਜੀਵਨ ਬੇਕਰਾਰ ਕਰ ਦਿੱਤਾ ਸੀ"।[9] ਉਸ ਦੀ ਡਾਵਾਂਡੋਲਤਾ ਦਾ ਕਾਰਨ ਉਸ ਸਮੇਂ ਰੇਂਗਾ ਅਤੇ ਹੈਕਾਈ ਨੋ ਰੇਂਗਾ ਨੂੰ ਗੰਭੀਰ ਕਲਾ ਘਾਲਣਾ ਦੀ ਥਾਂ ਮਹਿਜ ਸਮਾਜਕ ਸਰਗਰਮੀਆਂ ਸਮਝੇ ਜਾਣਾ ਹੋ ਸਕਦਾ ਹੈ।[10] ਕੁਝ ਵੀ ਹੋਵੇ, 1667, 1669, ਅਤੇ 1671 ਵਿੱਚ ਉਸ ਦੀਆਂ ਕਵਿਤਾਵਾਂ ਕਾਵਿ-ਪੁਸਤਕਾਂ ਵਿੱਚ ਛਪਦੀਆਂ ਰਹੀਆਂ ਅਤੇ ਉਸ ਨੇ ਆਪਣੀਆਂ ਅਤੇ ਟੀਟੋਕੂ ਸਕੂਲ ਦੇ ਹੋਰ ਲੇਖਕਾਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ, ਦ ਸੀਸੈੱਲ ਗੇਮ (貝おほひ Kai Ōi ), 1672 ਵਿੱਚ ਛਪਵਾਇਆ।[3] ਇਸ ਵਿੱਚ ਹਰ ਕਵਿਤਾ ਦੇ ਅੰਤ ਵਿੱਚ ਉਸ ਬਾਰੇ ਟਿੱਪਣੀ ਕੀਤੀ ਗਈ ਹੈ। ਉਸੇ ਸਾਲ ਦੀ ਬਸੰਤ ਰੁੱਤੇ ਉਹ ਕਵਿਤਾ ਦੇ ਆਪਣੇ ਅਧਿਐਨ ਨੂੰ ਅੱਗੇ ਤੋਰਨ ਲਈ ਐਡੋਚਲਿਆ ਗਿਆ।[11]
ਨਮੂਨਾ
[ਸੋਧੋ]ਪਤਝੜੀ ਹਵਾ ਵਿਚ
ਪਈ, ਉਦਾਸੀ ਨਾਲ ਚੂਰ
ਇੱਕ ਸਹਿਤੂਤ ਦੀ ਛਟੀ (ਪੰਜਾਬੀ ਅਨੁਵਾਦ)
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "松尾芭蕉". The Asahi Shimbun Company. Retrieved 2010-11-22.ਫਰਮਾ:Ja icon
- ↑ "芭蕉と伊賀上野". 芭蕉と伊賀 Igaueno Cable Television. Retrieved 2010-11-22.ਫਰਮਾ:Ja icon
- ↑ 3.0 3.1 Kokusai 1948, p. 246
- ↑ Carter 1997, p. 62
- ↑ Ueda 1982, p.20
- ↑ Ueda 1982, p. 21.
- ↑ Okamura 1956
- ↑ Ueda 1982, p. 22.
- ↑ Ueda 1982, p. 23.
- ↑ Ueda 1982, p. 9.
- ↑ Ueda 1992, p. 29
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |